ਲਖਵਿੰਦਰ ਸਿੰਘ ਬਾਜਵਾ ਦੀਆਂ ਦਸ ਬਾਲ ਕਵਿਤਾਵਾਂ
ਨਿੱਕੇ ਹੁੰਦਿਆਂ ਸੁਣੀ ਕਹਾਣੀ।
ਉਂਜ ਕਹਾਣੀ ਬੜੀ ਪੁਰਾਣੀ ।
ਕੋਹ ਨਾਮ ਦਾ ਇੱਕ ਪਹਾੜ,
ਆਖਣ ਉੱਚਾ ਅਤੇ ਉਜਾੜ।
ਓਥੇ ਦਿਓ ਪਰੀਆਂ ਦਾ ਵਾਸਾ,
ਦੂਰ ਜਗਤ ਤੋਂ ਹੈ ਉਹ ਪਾਸਾ।
ਨਾਜਕ ਕੋਮਲ ਸੁੰਦਰ ਕੁੜੀਆਂ,
ਸੋਹਣੇ ਖੰਭਾਂ ਦੇ ਸੰਗ ਜੁੜੀਆਂ।
ਜਿੱਥੇ ਵੀ ਉਹ ਜਾਣਾ ਚਾਹਵਣ,
ਪਲ ਵਿੱਚ ਮਾਰ ਉਡਾਰੀ ਜਾਵਣ।
ਹੱਥਾਂ ਵਿੱਚ ਜਾਦੂ ਦੀਆਂ ਛੜੀਆਂ,
ਸੱਚੇ ਅੰਦਰ ਢਲੀਆਂ ਬੜੀਆਂ।
ਗੋਰੇ ਸ਼ੋਖ ਗੁਲਾਬੀ ਰੰਗ,
ਰੇਸ਼ਮ ਵਰਗੇ ਨਾਜੁਕ ਅੰਗ।
ਆਖਣ ਪਰੀਆਂ ਕੋਲੋਂ ਸੋਹਣੀ,
ਕੋਈ ਜਨਾਨੀ ਵੀ ਹੋਣੀ।
ਪਰ ਉਹ ਜਿੰਨਾਂ ਨਾਲ ਵਿਆਹੀਆਂ,
ਰੰਗ ਜਿਨ੍ਹਾਂ ਦੇ ਵਾਂਗ ਸਿਆਹੀਆਂ।
ਕਾਲੇ ਰੰਗ ਤੇ ਉਚੇ ਕੱਦ,
ਹੈਨ ਡਰਾਉਣੇ ਹੱਦੋਂ
ਵੱਧ।
ਮੈਂ ਇਹ ਸੁਣ ਕੇ ਸੋਚ ਦੁੜਾਵਾਂ,
ਐਪਰ ਹੋਰ ਉਲਝਦਾ ਜਾਵਾਂ।
ਜਿੰਨਾ ਤੇ ਪਰੀਆਂ ਦਾ ਮੇਲ?
ਇਹ ਕੈਸੈ ਕੁਦਰਤ ਦਾ ਖੇਲ ?
ਵੱਡੇ ਹੋ ਕੇ ਸਮਝਾਂ ਆਈਆਂ,
ਇਹ ਕਥਾ ਮਨਘੜ੍ਹਤ ਬਣਾਈਆਂ।
ਇਹ ਤਾਂ ਹੈ ਸੀ ਨਿਰਾ ਛਲਾਵਾ,
ਕੇਵਲ ਸੀ ਮਨ ਦਾ ਪਰਚਾਵਾ।
ਐਪਰ ਅਨਪੜ੍ਹ ਸਿੱਧੇ ਲੋਕ,
ਸੱਚੀ ਮੰਨ ਲੈਂਦੇ ਸਨ ਥੋਕ।
ਬੱਚਿਓ ਪੜ੍ਹ ਲਿਖ ਅਕਲ ਵਧਾਓ,
ਡਰੋ ਨਹੀਂ ਨਾ ਲੋਕ ਡਰਾਓ।
ਬੇਸ਼ੱਕ ਪੜ੍ਹ ਕੇ ਮਨ ਪਰਚਾਉਣਾ,
ਐਪਰ ਮਨ ਵਿੱਚ ਭਰਮ ਨਾ ਪਾਉਣਾ।
ਲਿਖੇ ਬੜੇ ਰੌਚਕ ਪ੍ਰਸੰਗ ,
ਮਨ ਪਰਚਾਵੇ ਦਾ ਸੀ ਢੰਗ।
ਨਾ ਕੋਈ ਸਾਧਨ ਸੰਚਾਰ,
ਨਾ ਹੀ ਬਹੁਤਾ ਗਿਆਨ ਭੰਡਾਰ।
ਕਥਾ ਜੁਬਾਨੀ ਲੋਕ ਸੁਣਾਉਂਦੇ,
ਗਾਂਢੇ ਤੋਪੇ ਵੀ ਵਿੱਚ ਲਾਉਂਦੇ।
ਜਦ ਵੀ ਕਦੇ ਇਕੱਠੇ ਬਹਿੰਦੇ,
ਬਾਤਾਂ ਖੂਬ ਸੁਣਾਉਂਦੇ ਰਹਿੰਦੇ।
ਰੌਚਕ ਰੌਚਕ ਪਰੀ ਕਹਾਣੀ,
ਸੁਣ ਸੁਣ ਮੌਜ ਬਥੇਰੀ ਮਾਣੀ।
ਭਾਵੇਂ ਝੂਠੀ ਸੀ ਹਰ ਹਾਲ,
ਜੋੜਨ ਵਾਲੇ ਕਰੀ ਕਮਾਲ।
ਸੁਣਨਾ ਸਾਰੇ ਕਰਨ ਪਸੰਦ,
ਆਏ ਬਾਜਵਾ ਬੜਾ ਅਨੰਦ।
Photo credit-pixabay
ਹਵਾਈ ਜ਼ਹਾਜ
ਅੱਧ ਅਸਮਾਨੀ ਗੂੰਜਾਂ ਪਾਵੇ।
ਵਿੱਚ ਹਵਾ ਦੇ ਉਡਦਾ ਜਾਵੇ।
ਬੱਚੇ ਵੇਖਣ ਜਦ ਇਹ ਆਵੇ,
ਪਿਆਰਾ ਲੱਗੇ ਮਨ ਨੂੰ ਭਾਵੇ।
ਦਿਸਦਾ ਛੋਟਾ ਜਿਹਾ ਖਿਡਾਉਣਾ,
ਮਨ ਭਾਉਣਾ ਤੇ ਮਨ ਪਰਚਾਉਣਾ।
ਹਿੰਦੀ ਅੰਦਰ ਕਹਿਣ ਵਿਮਾਨ,
ਸਭ ਵਾਹਨਾ ਚੋਂ ਉੱਚੀ ਸ਼ਾਨ।
ਐਪਰ ਹੈ ਇਹ ਬੜਾ ਵਿਸ਼ਾਲ,
ਇਹ ਵਿਗਿਆਨਕ ਖੋਜ ਕਮਾਲ।
ਰਾਈਟ ਬੰਧੂਆਂ ਦੀ ਇਹ ਖੋਜ,
ਦੁਨੀਆਂ ਲਈ ਅਨੋਖਾ ਚੋਜ।
ਪੰਜ ਸੌ ਤੋਂ ਵੱਧ ਬੰਦੇ ਲੈ ਕੇ,
ਜਾਵੇ ਅੰਬਰ ਦੇ ਸੰਗ ਖਹਿ ਕੇ।
ਕਾਰਜ ਇਹਦਾ ਬੜਾ ਵਿਸ਼ੇਸ਼,
ਉੱਡਦਾ ਜਾਏ ਵੱਲ ਵਿਦੇਸ਼।
ਦੂਰ ਦੁਰਾਡੇ ਹੋਰ ਜਹਾਨ,
ਜਾਣਾ ਹੋਇਆ ਬੜਾ ਅਸਾਨ।
ਬਣ ਗਏ ਬੜੇ ਹਵਾਈ ਅੱਡੇ,
ਸੋਹਣੇ ਸੋਹਣੇ ਵੱਡੇ ਵੱਡੇ।
ਐਪਰ ਗੱਲ ਨਾ ਕੀਤੀ ਚੰਗੀ,
ਬਹੁਤ ਜ਼ਹਾਜ ਬਣਾ ਕੇ ਜੰਗੀ।
ਬੇ ਦੋਸ਼ਾਂ 'ਤੇ ਸੁੱਟਣ ਬੰਬ,
ਮਨਵਤਾ ਨੂੰ ਦੇਵਣ ਝੰਭ।
ਐਪਰ ਜਦ ਵੀ ਸੰਕਟ ਆਵੇ,
ਇਹ ਲੋਕਾਂ ਦੀ ਜਾਨ ਬਚਾਵੇ।
ਚਾਲਕ ਨੂੰ ਪਾਇਲਟ ਕਹਿੰਦੇ,
ਰੋਜ ਹਵਾ ਵਿੱਚ ਉਡਦੇ ਰਹਿੰਦੇ।
ਬੱਚਿਓ ਪੜ੍ਹ ਲਿਖ ਨਾਮ ਕਮਾਣਾ,
ਮਿਹਨਤ ਕਰ ਪਾਇਲਟ ਬਣ ਜਾਣਾ।
ਫੌਜੀ ਬਣ ਕੇ ਦੇਸ਼ ਬਚਾਉਣਾ,
ਪਰ ਨਾ ਕਿਧਰੇ ਬੰਬ ਗਿਰਾਉਣਾ।
ਹੀਰੋਸ਼ੀਮਾ ਨਾਗਾਸਾਕੀ,
ਬੜੀ ਡਰਾਉਣੀ ਸੀ ਉਹ ਝਾਕੀ।
ਭਲੇ ਲਈ ਵਰਤੋ ਵਿਗਿਆਨ,
ਤਾਂ ਹੀ ਹੁੰਦਾ ਸਫਲ ਗਿਆਨ।
ਸਭਨਾ ਨੂੰ ਇਹ ਹੀ ਸਮਝਾਉਣਾ,
ਕਦੇ ਨਾ ਕਿਤੇ ਵਿਛੋੜਾ ਪਾਉਣਾ।
ਤਾਂ ਜ਼ਹਾਜ ਮਨਾ ਨੂੰ ਭਾਏ,
ਜੇ ਵਿਛੜਿਆਂ ਮੇਲ ਕਰਾਏ।
ਬਾਜਵਿਆ ਸ਼ੁਭ ਕਰਮ ਕਮਾਈਏ,
ਮਾਣ ਮਿਲੇ ਜਿੱਥੇ ਵੀ ਜਾਈਏ।
ਲੰਗੜੀ ਲਾਲੀ
ਵਿਹੜੇ ਅੰਦਰ ਦਏ ਦਿਖਾਲੀ ।
ਰੋਜ ਸ਼ਾਮ ਇੱਕ ਲੰਗੜੀ ਲਾਲੀ ।
ਚੋਗਾ ਚੁਗਦੀ ਮਾਰ ਛੜੱਪੇ,
ਜਿੱਦਾਂ ਬੱਚਾ ਰੱਸੀ ਟੱਪੇ।
ਸ਼ਕਲ ਏਸ ਦੀ ਅਜਬ ਨਿਰਾਲੀ,
ਭੂਰੀ ਭੂਰੀ ਕਾਲੀ ਕਾਲੀ।
ਬਣੀ ਏਸ 'ਤੇ ਲੋਕ ਕਹਾਣੀ,
ਇੱਕ ਸੁਣਾਵਾਂ ਬੜੀ ਪੁਰਾਣੀ।
ਪੈਰ ਮੋਰ ਦੇ ਮੰਗ ਕੇ ਲੈ ਗਈ,
ਦੇ ਦੇਵਾਂਗੀ ਏਨਾ ਕਹਿ ਗਈ।
ਐਪਰ ਸੀ ਉਹ ਬਾਰਾਂਤਾਲੀ,
ਧੋਖਾ ਦੇ ਗਈ ਦਿਲ ਦੀ ਕਾਲੀ।
ਆਖੇ ਮੈਂ ਵਿਆਹ 'ਤੇ ਜਾਣਾ,
ਓਥੇ ਜਾ ਕੇ ਭੰਗੜਾ ਪਾਣਾ।
ਨਾਲ ਖੁਸ਼ੀ ਦੇ ਭਰ ਆਵਾਂਗੀ,
ਆ ਕੇ ਵਾਪਸ ਕਰ ਜਾਵਾਂਗੀ।
ਆਪਣੇ ਲੈ ਕੇ ਘਰ ਜਾਵਾਂਗੀ,
ਤੇਰੇ ਏਥੇ ਧਰ ਜਾਵਾਂਗੀ।
ਬੇਈਮਾਨ ਹੋ ਗਈ ਫਿਰ ਲਾਲੀ,
ਵਾਪਸ ਕੀਤੇ ਨਹੀਂ ਸੁ ਹਾਲੀ।
ਮੋਰ ਪੈਲ ਜਦ ਪਾਉਂਦਾ ਸੋਹਵੇ,
ਵੇਖ ਸੁਹਪਣ ਨੂੰ ਖੁਸ਼ ਹੋਵੇ।
ਵੇਖੇ ਪਰ ਜਦ ਕੋਝੇ ਪੈਰ,
ਓਥੇ ਹੀ ਮਨ ਜਾਵੇ ਠਹਿਰ।
ਅੱਥਰੂ ਸੁੱਟੇ ਝੁਰਦਾ ਰਹਿੰਦਾ,
ਹੌਲੀ ਹੌਲੀ ਤੁਰਦਾ ਰਹਿੰਦਾ।
ਬੱਚਿਓ ਇਹ ਤਾਂ ਇੱਕ ਕਹਾਣੀ,
ਦੇਂਦੀ ਐਪਰ ਮੱਤ ਸਿਆਣੀ।
ਲੈ ਕੇ ਚੀਜ ਨਾ ਮੁੱਕਰ ਜਾਣਾ,
ਨਾ ਆਪਣਾ ਇਤਬਾਰ ਗਵਾਣਾ।
ਐਪਰ ਸੋਚ ਖਿਆਲੀਂ ਖੋਈ,
ਇਹ ਲਾਲੀ ਲੰਗੜੀ ਕਿਓਂ ਹੋਈ।
ਸ਼ਾਇਦ ਡੋਰ ਧਾਤੂ ਦੀ ਕੱਸ ਕੇ,
ਲੱਤ ਗਵਾ ਬੈਠੀ ਇਹ ਫਸ ਕੇ।
ਬੱਚਿਓ ਇਹ ਨਾ ਮਨੋ ਭੁਲਾਉਣਾ,
ਧਾਗੇ ਦੀ ਹੀ ਡੋਰ ਬਣਾਉਣਾ।
ਪੰਛੀਆਂ ਉੱਤੇ ਰਹਿਮ ਕਮਾਈਏ,
ਨਾ ਇਹਨਾ ਦੀ ਜਾਨ ਗਵਾਈਏ।
ਕਰੇ ਬਾਜਵਾ ਜੋ ਨੁਕਸਾਨ,
ਐਸਾ ਮੂਲ ਨਾ ਲਵੋ ਸਮਾਨ।
ਕਾਲਾ ਤਿੱਤਰ
ਫਸਲਾਂ ਅੰਦਰ ਲੁਕਿਆ ਰਹਿੰਦਾ,
ਕਦੇ ਕਦੇ ਹੈ ਨਜ਼ਰੀਂ ਪੈਂਦਾ।
ਬੋਲੀ ਬੋਲੇ ਬਹੁਤ ਪਿਆਰੀ,
ਲੰਮੀ ਜਿਹੀ ਮਾਰੇ ਕਿਲਕਾਰੀ।
ਜਾਪੇ ਜਿੱਦਾਂ ਹੈ ਗੁਣ ਗਾਉਂਦਾ,
ਰੱਬ ਦੀ ਉਸਤਤ ਆਖ ਸੁਣਾਉਂਦਾ।
ਭਗਵਾਨ ਤੇਰੀ ਕੁਦਰਤ ਆਖੇ,
ਹਰ ਕੋਈ ਸੁਣ ਏਹੋ ਭਾਖੇ।
ਏਸੇ ਕਰਕੇ ਜਦ ਵੀ ਬੋਲੇ,
ਮੂੰਹ ਉਪਰ ਕਰ ਕੇ ਚੁੰਝ ਖੋਲ੍ਹੇ।
ਧਰਮੀ ਸੁਣ ਕੇ ਸੀਸ ਨਿਵਾਉਂਦੇ,
ਉਹ ਵੀ ਰੱਬ ਦਾ ਸ਼ੁਕਰ ਮਨਾਉਂਦੇ।
ਭਾਵੇਂ ਇਸਦਾ ਹੋਰ ਰਾਜ ਹੈ,
ਇਸ ਲਈ ਗਾਉਂਦਾ ਸੁਰ ਸਾਜ ਹੈ।
ਸਮਾਂ ਮਿਲਨ ਦਾ ਜਦ ਵੀ ਆਵੇ,
ਨਰ ਮਾਦਾ ਨੂੰ ਕੋਲ ਬੁਲਾਵੇ।
ਮਿੱਠੀ ਬੋਲੀ ਬੋਲ ਲੁਭਾਵੇ।
ਉੱਚੀ ਸੁਰ ਵਿੱਚ ਗੀਤ ਸੁਣਾਵੇ।
ਕੋਇਲ ਅਤੇ ਪਪੀਹਾ ਮੋਰ,
ਏਸੇ ਕਰਕੇ ਕਰਦੇ ਸ਼ੋਰ।
ਰੁਤ ਜਦੋਂ ਪ੍ਰਜਨਨੀ ਆਵੇ,
ਨਰ ਮਾਦਾ ਨੂੰ ਮਿਲਣਾ ਚਾਹਵੇ।
ਨੱਚਦੇ ਟੱਪਦੇ ਗੀਤ ਸੁਣਾਉਂਦੇ,
ਰੰਗ ਬਿਰੰਗੇ ਖੰਭ ਵਖਾਉਂਦੇ।
ਫਿਰ ਵੀ ਜਦ ਪੰਛੀ ਸੁਰ ਲਾਵੇ,
ਸਭ ਦੇ ਮਨ ਨੂੰ ਡਾਢਾ ਭਾਵੇ।
ਪੰਛੀ ਨੇ ਧਰਤੀ ਗਹਿਣਾ,
ਜੀਵਨ ਦਾ ਸਮਝਾਉਂਦੇ ਮਹਿਣਾ।
ਕੁਦਰਤ ਦਾ ਤੋਹਫਾ ਅਨਮੋਲ,
ਇਹਨਾ ਸੰਗ ਜੀਵਨ ਸਮਤੋਲ।
ਸ਼ਾਮ ਸਲੋਨਾ ਕਾਲਾ ਤਿੱਤਰ,
ਹੈ ਕਿਰਸਾਨਾ ਦਾ ਇਹ ਮਿੱਤਰ।
ਹਾਨੀਕਾਰਕ ਕੀੜੇ ਖਾਵੇ,
ਫਸਲਾਂ ਤਾਈਂ ਸਦਾ ਬਚਾਵੇ।
ਰੁੱਖ ਬਚਾਈਏ ਰੱਖ ਬਚਾਈਏ,
ਕੁਝ ਕੁ ਝਾੜ ਮਲ੍ਹੇ ਵੀ ਚਾਹੀਏ।
ਬੱਚਿਓ ਇਹ ਸਭ ਨੂੰ ਸਮਝਾਈਏ,
ਸੁੰਦਰ ਪੰਛੀ ਸਦਾ ਬਚਾਈਏ।
ਬਾਜਵਿਆ ਰਲ ਕਸਮਾਂ ਖਾਈਏ,
ਪੰਛੀਆਂ ਖਾਤਰ ਰੁੱਖ ਲਗਾਈਏ।
Photo credit-pixabay
ਨਕਲੀ ਸ਼ੇਰ
ਗਿੱਦੜ ਆਖੇ ਗਧੇ ਨੂੰ, ਸ਼ੇਰ ਜਿਹਾ ਹੈ ਕੱਦ।
ਛਾਤੀ ਤੇਰੀ ਸ਼ੇਰ ਤੋਂ, ਚੌੜੀ ਜਾਪੇ ਵੱਧ।
ਖੱਲ ਸ਼ੇਰ ਦੀ ਪਾ ਕੇ, ਬਣਜਾ ਤੂੰ ਵੀ ਸ਼ੇਰ,
ਜੰਗਲ ਅੰਦਰ ਚੱਲੀਏ, ਨਾ ਕਰ ਬਹੁਤੀ ਦੇਰ।
ਤੈਨੂੰ ਤੱਕ ਕੇ ਸ਼ੇਰ ਵੀ, ਨੱਸ ਜਾਵਣਗੇ ਦੂਰ,
ਉਸਦੇ ਨਾਲੋਂ ਕੱਦ ਹੈ, ਤੇਰਾ ਵੱਧ ਹਜੂਰ।
ਓਥੇ ਹਰਿਆ ਘਾਹ ਬੜੈ, ਚਰੀਂ ਮਜੇ ਦੇ ਨਾਲ,
ਨਾਲੇ ਜਾਨਵਰਾਂ ਤੇ, ਮਾਰੀਂ ਰੋਹਬ ਕਮਾਲ।
ਮੈਂ ਕੁਝ ਤੇਰੇ ਆਸਰੇ, ਮਾਰਾਂ ਫੇਰ ਸ਼ਿਕਾਰ,
ਪਾ ਵਡਿਆਈ ਓਸ ਥਾਂ, ਜਰਾ ਵਧਾਈਏ ਭਾਰ।
ਏਦਾਂ ਬਣਤ ਬਣਾ ਕੇ, ਚੱਲੇ ਜੰਗਲ ਵੱਲ,
ਜਿੱਧਰ ਰਹਿੰਦਾ ਸ਼ੇਰ ਸੀ, ਓਧਰ ਆਏ ਚੱਲ।
ਗਧਾ ਸ਼ੇਰ ਦੀ ਖੱਲ ਪਾ, ਬਣ ਬੈਠਾ ਸੀ ਸ਼ੇਰ,
ਡਿੱਠਾ ਅਸਲੀ ਸ਼ੇਰ ਤਾਂ, ਨੈਣੀ ਪਿਆ ਹਨੇਰ।
ਜਿਹੜਾ ਸੀ ਕੁਝ ਦੇਰ ਤੋਂ, ਗਿਆ ਹੀਂਗਣਾ ਭੁੱਲ,
ਸ਼ੇਰ ਵੇਂਹਦਿਆਂ ਓਸਦੀ, ਹੋਈ ਫਟਕੜੀ ਫੁੱਲ।
ਡਰ ਕੇ ਥਰ ਥਰ ਕੰਬਿਆ, ਹੋਇਆ ਕੰਮ ਕਸੂਤ,
ਡਰਦੇ ਮਾਰੇ ਓਸ ਦਾ, ਨਿਕਲ ਗਿਆ ਸੀ ਮੂਤ।
ਗਿੱਦੜ ਨੇ ਜਦ ਵੇਖਿਆ, ਪਈ ਕਸੂਤੀ ਚਾਲ,
ਝੱਟ ਓਸ ਨੇ ਬਦਲਿਆ, ਏਦਾਂ ਫੇਰ ਖਿਆਲ।
ਆਖਣ ਲੱਗਾ ਮਿੱਤਰਾ, ਛੇਤੀ ਵਾਪਿਸ ਨੱਸ,
ਸ਼ੇਰ ਬਘੇਲੇ ਕੀਲਣੇ, ਨਹੀਂ ਤੁਹਾਡੇ ਵੱਸ।
ਜਿਹੜੇ ਜੰਗਲ ਵਿੱਚ ਨੇ, ਰਹਿੰਦੇ ਸ਼ੇਰ ਬਘੇਰ,
ਓਥੋਂ ਨਿਕਲ ਚੱਲੀਏ, ਬਿਨਾ ਕੀਤਿਆਂ ਦੇਰ।
ਲਾਹ ਕੇ ਸੁੱਟੀਂ ਖੱਲ ਨੂੰ, ਭੱਜਣਾ ਹੋਏ ਅਸਾਨ,
ਏਹੋ ਹੀ ਲੱਖ ਵੱਟੀਏ, ਬਚ ਜਾਵੇ ਜੇ ਜਾਨ।
ਐਪਰ ਖੋਤੇ ਰਾਜ ਦੀ, ਡਰ ਕੇ ਨਿਕਲੀ ਲੇਰ,
ਆਖੇ ਕੀ ਮੈਂ ਖੱਟਿਆ, ਬਣ ਕੇ ਨਕਲੀ ਸ਼ੇਰ।
ਭੱਜਿਆ ਦੁੰਬ ਦਬਾ ਕੇ, ਗਿੱਦੜ ਲੈ ਕੇ ਨਾਲ,
ਪਿੱਛੋਂ ਵਗਦੀ ਭੂਕਨੀ,ਅੱਗੇ ਮਾਰੇ ਛਾਲ।
ਜਾਨ 'ਚ ਆਈ ਜਾਨ ਸੀ, ਜਾ ਖ਼ਤਰੇ ਤੋਂ ਦੂਰ,
ਪਹਿਲੀ ਵਾਰੀ ਹੀਂਗਿਆ, ਉਹ ਹੋ ਕੇ ਮਜਬੂਰ।
ਦੇ ਕੇ ਲਾਲਚ ਘਾਹ ਦਾ, ਦਿੱਤਾ ਯਾਰ ਫਸਾ,
ਮਰਵਾਤਾ ਸੀ ਗਿੱਦੜਾ, ਦੇ ਕੇ ਉਲਟ ਸਲਾਹ।
ਚੰਗਾ ਬਹੁਤਾ ਏਸ ਤੋਂ, ਬਹਾਂ ਟਿਕਾਣਾ ਮੱਲ,
ਚੁਗਣਾ ਉਤੇ ਰੂੜੀਆਂ, ਜਾਪੇ ਸੋਹਣੀ ਗੱਲ।
ਖੱਲ ਸ਼ੇਰ ਦੀ ਬਾਜਵਾ, ਜੰਗਲ ਆਇਆ ਛੱਡ,
ਨਾਲੇ ਭੱਜ ਭੱਜ ਹੰਭਿਆ, ਹੋਈ ਕਿਰਕਰੀ ਅੱਡ।
ਬੱਚਿਓ ਰੱਖਿਓ ਯਾਦ ਇਹ, ਪੱਕਾ ਸਦਾ ਅਸੂਲ,
ਨਕਲ ਕਿਸੇ ਦੀ ਕਦੇ ਵੀ, ਤੁਸੀਂ ਨਾ ਕਰਿਓ ਮੂਲ।
ਬਚਪਨ ਬਾਦਸ਼ਾਹੀ
ਬੱਚੇ ਖੇਡਣ ਰਾਹ ਦੇ, ਨੇੜੇ ਰੜੇ ਮੈਦਾਨ।
ਮਿੱਟੀ ਪਏ ਉਡਾਂਵਦੇ, ਦੌੜਾਂ ਖੂਬ ਲਗਾਣ।
ਨਾ ਚਿੰਤਾ ਨਾ ਫਿਕਰ ਹੈ, ਕੇਵਲ ਖੁਸ਼ੀ ਅਨੰਦ,
ਹੋ ਸਵਛੰਦ ਖੇਡਣਾ, ਕਿਸ ਨੂੰ ਨਹੀ ਪਸੰਦ।
ਹਾਥੀ ਉਤੇ ਬਾਦਸ਼ਾਹ, ਲੰਘਦਾ ਆਇਆ ਕੋਲ,
ਹਾਥੀ ਉਸ ਰੁਕਵਾ ਲਿਆ, ਰੋਕ ਮਹਾਵਤ ਬੋਲ।
ਵੇਖਣ ਲੱਗਾ ਨੀਝ ਲਾ, ਬੱਚਿਆਂ ਵਾਲਾ ਖੇਲ੍ਹ,
ਮਿੱਟੀ ਅੰਦਰ ਮਸਤ ਹੋ, ਕਰਨ ਅਨੋਖੇ ਕੇਲ।
ਹਿਰਨਾਂ ਵਾਂਗਰ ਚੁੰਗੀਆਂ, ਕੋਇਲ ਵਾਂਗੂੰ ਕੂਕ,
ਢੱਕੇ ਗਰਦੇ ਨਾਲ ਸਭ, ਚਿਹਰੇ ਬੜੇ ਮਲੂਕ।
ਹਾਥੀ ਉਤੋਂ ਬਾਦਸ਼ਾਹ, ਹੇਠਾਂ ਆਇਆ ਫੇਰ,
ਜਾ ਰਲਿਆ ਵਿੱਚ ਬੱਚਿਆਂ ਜਰਾ ਨਾ ਲਾਈ ਦੇਰ।
ਸ਼ਾਹੀ ਚੋਲਾ ਲਾਹ ਕੇ, ਸਿਰ ਤੋਂ ਮੁਕਟ ਉਤਾਰ,
ਬੱਚਿਆਂ ਦੇ ਸੰਗ ਬਣ ਗਿਆ, ਬੱਚਾ ਜਾ ਵਿਚਕਾਰ।
ਮਸਤੀ ਅੰਦਰ ਮਸਤ ਹੋ, ਲੱਗਾ ਧੂੜ ਉਡਾਉਣ,
ਬੱਚਾ ਹੋ ਵਿੱਚ ਬੱਚਿਆਂ, ਲੱਗਾ ਖੁਸ਼ੀ ਮਨਾਉਣ।
ਏਨੇ ਚਿਰ ਨੂੰ ਬੀਰਬਲ, ਆਇਆ ਚੱਲ ਕੇ ਕੋਲ,
ਕੀ ਕਰਦੇ ਹੋ ਬਾਦਸ਼ਾਹ? ਆਖਣ ਲੱਗਾ ਬੋਲ।
ਗੰਦੇ ਹੋਏ ਕੱਪੜੇ, ਮੈਲਾ ਹੋਇਆ ਮੁੱਖ,
ਵੇਖੀ ਹਾਲਤ ਆਪਦੀ, ਮੈਨੂੰ ਹੋਇਆ ਦੁੱਖ।
ਇਹ ਨੇ ਬਾਲ ਗਰੀਬੜੇ, ਸੀਸ ਤੁਸਾਂ ਦੇ ਤਾਜ,
ਏਹ ਖੇਡਣ ਵਿੱਚ ਗਰਦ ਦੇ, ਤੁਸੀਂ ਕਮਾਓ ਰਾਜ।
ਵੇਖਣ ਵਾਲੇ ਕਹਿਣਗੇ, ਜਹਾਂ ਪਨਾਹ ਇਹ ਗੱਲ,
ਲੱਗਦੈ ਬਾਦਸ਼ਾਹ ਦਾ, ਗਿਐ ਦਿਮਾਗ ਹੱਲ।
ਇਹ ਸੁਣ ਅਕਬਰ ਬੋਲਿਆ, ਸੁਣੀ ਬੀਰਬਲ ਬਾਤ,
ਮਿਲਦੀ ਨਹੀਂ ਖਰੀਦਿਆਂ, ਬਚਪਨ ਜਿਹੀ ਸੌਗਾਤ।
ਰਾਜ ਭੋਗਦੇ ਹੋ ਗਈ, ਅੱਧੀ ਉਮਰ ਬਤੀਤ,
ਪਰ ਨਹੀਓਂ ਉਹ ਭੁੱਲਦਾ, ਬਚਪਨ ਵਕਤ ਅਤੀਤ।
ਜਿੰਨਾ ਏਥੇ ਖੇਡ ਕੇ, ਆਇਐ ਅੱਜ ਅਨੰਦ,
ਤਖਤਾਂ ਤੋਂ ਨਹੀਂ ਲੱਭਦੀ, ਇਸ ਦੀ ਮਾਤਰ ਤੰਦ।
ਬਚਪਨ ਮੇਰਾ ਮੋੜ ਦਏ, ਕਰ ਕੇ ਕੋਈ ਇਲਾਜ,
ਉਹਦੇ ਬਦਲੇ ਦੇ ਦਿਆਂ, ਸਾਰਾ ਤਖਤੋ ਤਾਜ।
ਇਹ ਜੋ ਕਿਣਕੇ ਧੂੜ ਦੇ, ਇੱਕ ਇੱਕ ਏਨੇ ਮੁੱਲ,
ਹੀਰੇ ਮੋਤੀ ਜਗਤ ਦੇ ਵੀ ਨਹੀਂ ਇਹਦੇ ਤੁੱਲ।
ਇਹ ਜੋ ਸੁਣਨੈ ਫਿਜ਼ਾ ਵਿੱਚ, ਹਾਸੇ ਦੀ ਛਣਕਾਰ,
ਇਹਨੂੰ ਰਹੀਏ ਤਰਸਦੇ, ਮਹਿਲਾਂ ਦੇ ਵਿਚਕਾਰ।
ਧੁਰ ਅੰਦਰ ਤੱਕ ਆਤਮਾ, ਖੁਸ਼ੀ ਨਾਲ ਲਬਰੇਜ,
ਇਸ ਮਿੱਟੀ ਨੂੰ ਤੋਲਨੈ, ਨਾਲ ਮਖਮਲੀ ਸੇਜ?
ਉਤੋਂ ਉਤੋਂ ਵੇਖ ਨਾ, ਇਹ ਜੋ ਮੈਲੇ ਮੁੱਖ,
ਖੁਸ਼ੀਆਂ ਮਚਲਣ ਮਨਾਂ ਵਿੱਚ, ਚਿੱਤ ਨਾ ਚੇਤੇ ਦੁੱਖ।
ਜੇ ਤੂੰ ਚਾਹੁੰਨੈ ਜਾਨਣਾ, ਛੱਡ ਕੇ ਹੋਰ ਖਿਆਲ,
ਦੋ ਪਲ ਤੂੰ ਵੀ ਬੀਰਬਲ ਵੇਖੀਂ ਹੋ ਕੇ ਬਾਲ।
ਏਥੇ ਹੀ ਹੋ ਸੱਕੀਏ, ਸਭੇ ਆਣ ਅਭੇਖ,
ਦਿੱਸੇ ਨੂਰ ਖ਼ੁਦਾ ਦਾ, ਹਰ ਮੱਥੇ ਦੀ ਰੇਖ।
ਏਥੇ ਖੁਸ਼ੀਆਂ ਵੱਸਦੀਆਂ, ਏਥੇ ਜੰਨਤ ਵੇਖ,
ਉਹ ਹੀ ਮਾਣੇ ਬਾਜਵਾ, ਜਿਸ ਦੇ ਚੰਗੇ ਲੇਖ।
Photo credit-pixabay
ਬੈਂਗਣ ਬਾਦਸ਼ਾਹ
ਇੱਕ ਦਿਹਾੜੇ ਸੈਰ ਕਰਦਿਆਂ ਖੇਤ ਚ ਬੈਂਗਣ ਡਿੱਠੇ।
ਅਕਬਰ ਬੀਰਬਲ ਨੂੰ ਆਖੇ ਕਿੰਜ ਕਰੀਏ ਅਣਡਿੱਠੇ।
ਕਿੰਨਾ ਸੋਹਣਾ ਰੰਗ ਏਸਦਾ ਕੂਲਾ ਮਖਮਲ ਜੈਸਾ,
ਵੇਖ ਬੀਰਬਲ ਅੱਜ ਤੱਕ ਡਿੱਠਾ ਹੋਰ ਕੋਈ ਨਾ ਐਸਾ।
ਕਿਹਾ ਬੀਰਬਲ ਵਾਹ ਬਾਦਸ਼ਾਹ ਠੀਕ ਤੁਸੀਂ ਫਰਮਾਇਆ,
ਇਹ ਸਬਜ਼ੀਆਂ ਦੈ ਬਾਦਸ਼ਾਹ ਨਜ਼ਰ ਅਸਾਂਨੂੰ ਆਇਆ।
ਤਾਜ ਤੁਹਾਡੇ ਵਾਂਗ ਸ਼ਹਿਨਸ਼ਾਹ ਇਸ ਦੇ ਸਿਰ 'ਤੇ ਫੱਬੇ,
ਇਹਦੇ ਵਰਗੀ ਸੁੰਦਰ ਸਬਜ਼ੀ ਹੋਰ ਕਿਤੇ ਨਾ ਲੱਭੇ।
ਇਹ ਗੱਲ ਸੁਣਦੇ ਸਾਰ ਬਾਦਸ਼ਾਹ ਵਿੱਚ ਖੁਸ਼ੀ ਦੇ ਆਏ,
ਅੱਜ ਤੋਂ ਸਬਜ਼ੀ ਬਣੇ ਏਸਦੀ ਨਾਲ ਰੋਅਬ ਫਰਮਾਏ।
ਬਾਦਸ਼ਾਹ ਬੈਂਗਣ ਦੀ ਸਬਜ਼ੀ ਰੋਜ ਬਾਦਸ਼ਾਹ ਖਾਵੇ,
ਇੱਕ ਦਿਨ ਵੀ ਨਾਗਾ ਨਾ ਪਾਉਣਾ ਸ਼ਾਹੀ ਹੁਕਮ ਮੰਨਾਵੇ।
ਮੰਨ ਕੇ ਹੁਕਮ ਰਸੋਈਆ ਲੱਗਾ ਬੈਂਗਣ ਰੋਜ ਬਣਾਵਣ,
ਭੁੱਲ ਸਬਜ਼ੀਆਂ ਸੱਭੇ ਅਕਬਰ ਲੱਗਾ ਬੈਂਗਣ ਖਾਵਣ।
ਸਬਜੀ ਬੈਂਗਣ ਦੀ ਖਾਂਦੇ ਨੂੰ ਬੀਤਿਆ ਇੱਕ ਪਖਵਾੜਾ,
ਭੱਠਿਆਂ ਗਰਮੀ ਕੀਤੀ ਪੈ ਗਿਆ ਯਾਰੋ ਉਲਟ ਪੁਆੜਾ।
ਪੇਟ ਵਿਗੜਿਆ ਪੇਚਿਸ਼ ਹੋਈ ਜਾਨ ਸਕੰਜੇ ਆਈ,
ਅਕਬਰ ਫੇਰ ਬੀਰਬਲ ਅਗੇ ਗਾਥਾ ਇੰਜ ਸੁਣਾਈ।
ਸੁਣੀ ਬੀਰਬਲ ਇਹ ਸਬਜ਼ੀ ਕੁਝ ਲੱਗਦੀ ਏ ਬੇ ਢੰਗੀ,
ਖਾ ਕੇ ਇਸ ਨੂੰ ਆਈ ਯਾਰਾ ਤਨ ਮੇਰੇ ਨੂੰ ਤੰਗੀ।
ਕਿਹਾ ਬੀਰਬਲ ਨਾਮ ਏਸ ਦਾ ਤਾਹੀਓਂ ਬੇ ਗੁਣ ਧਰਿਆ,
ਸਭ ਤੋਂ ਘਟੀਆ ਸਬਜੀ ਏਹੋ ਜਗਤ ਖਾਣ ਤੋਂਂ ਡਰਿਆ।
ਹੋ ਹੈਰਾਨ ਬਾਦਸ਼ਾਹ ਆਖੇ ਤੇਰੀ ਸਮਝ ਨਾ ਆਈ,
ਉਸ ਦਿਨ ਸਿਫਤਾਂ ਦੇ ਪੁਲ ਬੰਨੇ ਉਲਟ ਕਹੇਂ ਹੁਣ ਭਾਈ।
ਹੱਸ ਕੇ ਕਿਹਾ ਬੀਰਬਲ ਅੱਗੋਂ, ਮੈਂ ਹਾਂ ਵਿੱਚ ਹਾਂ ਕਹਿਣੀ,
ਮੈਂ ਤਨਖਾਹ ਬਤਾਊਂਆਂ ਤੋੰ ਨਹੀ ਹੈ ਤੁਹਾਥੋਂ ਲੈਣੀ।
ਅੱਜ ਵੀ ਵੇਖ ਬਾਜਵਾ ਚੱਲਦੇ ਇਹ ਦੁਨੀਆ ਦੇ ਧੰਦੇ,
ਜੀ ਹਜ਼ੂਰੀ ਜਿਹੜੇ ਕਰਦੇ ਕਾਮਯਾਬ ਉਹ ਬੰਦੇ।
ਫੱਟੀ
ਬੀਤ ਗਿਆ ਹੈ ਸਮਾ ਸੁਹਾਣਾ।
ਫੱਟੀ ਚੁੱਕ ਸਕੂਲੇ ਜਾਣਾ ।
ਬਾਲ ਪੋਚਦੇ ਪਹਿਲਾਂ ਫੱਟੀ,
ਉੱਤੇ ਲਾ ਕੇ ਗਾਚੀ ਖੱਟੀ ।
ਫੇਰ ਖਲੋ ਕੇ ਖੂਬ ਘੁਮਾਉਂਦੇ,
ਇੱਕੋ ਸੁਰ ਵਿੱਚ ਗਾਣਾ ਗਾਉਂਦੇ।
ਸੂਰਜਾ ਸੂਰਜਾ ਫੱਟੀ ਸੁਕਾ,
ਨਹੀ ਸੁਕਾਉਣੀ ਗੰਗਾ ਜਾਹ।
ਗੰਗਾ ਦੋ ਗਨੇਰੀਆਂ,
ਦੋ ਤੇਰੀਆਂ ਦੋ ਮੇਰੀਆਂ।
ਸੁੱਕ ਜਾਵੇ ਤਾ ਖੁਸ਼ੀ ਮਨਾਉਂਦੇ,
ਨਾਲ ਪੈਨਸਿਲਾਂ ਲੀਕਾਂ ਵਾਹੁੰਦੇ।
ਘੋਲਣ ਫੇਰ ਸਿਆਹੀ ਕਾਲੀ,
ਕਲਮ ਸਵਾਰਨ ਕਾਹਲੀ ਕਾਹਲੀ।
ਫੱਟੀ ਲਿਖਦੇ ਹੌਲੀ ਹੌਲੀ,
ਓਨਾ ਚਿਰ ਨਾ ਪਾਉਂਦੇ ਰੌਲੀ।
ਮਾਸਟਰ ਜੀ ਨੂੰ ਜਾ ਵਖਾਉਂਦੇ,
ਸ਼ਾਬਾਸ਼ੇ ਲੈ ਵਾਪਸ ਆਉਂਦੇ।
ਫਿਰ ਨਲਕੇ ਵੱਲ ਦੌੜੇ ਜਾਂਦੇ,
ਪੋਚ ਫੱਟੀਆਂ ਵਾਪਸ ਆਂਦੇ।
ਕਿੰਨਾ ਵਧੀਆ ਸੀ ਉਹ ਵੇਲਾ,
ਖਰਚਾ ਬੱਸ ਪੈਸਾ ਜਾਂ ਧੇਲਾ।
ਨਾਲ ਸਲੇਟ ਸਲੇਟੀ ਲੈ ਕੇ,
ਕੱਢੀਏ ਫੇਰ ਸਵਾਲ ਬਹਿ ਕੇ।
ਗਿੱਲੀ ਟਾਕੀ ਉਸ 'ਤੇ ਫੇਰ,
ਫਿਰ ਲਿਖਣਾ ਬਿਨ ਕੀਤੇ ਦੇਰ।
ਕਈਆਂ ਥੁੱਕ ਕੇ ਹਰਫ ਮਿਟਾਣੇ,
ਮਾਸਟਰਾਂ ਤੋਂ ਥੱਪੜ ਖਾਣੇ।
ਕਿੰਨਾ ਚੰਗਾ ਸੀ ਉਹ ਵੇਲਾ,
ਬਚਪਨ ਵੀ ਤਾਂ ਸੀ ਅਲਬੇਲਾ।
ਹੁਣ ਤਾਂ ਮਹਿੰਗੀ ਹੋਈ ਪੜ੍ਹਾਈ,
ਵੱਡੀਆਂ ਫੀਸਾਂ ਹੋਸ਼ ਭਲਾਈ।
ਹਰ ਪਾਸੇ ਹੈ ਏਹੋ ਚਰਚਾ,
ਕਾਗਜ਼ ਦਾ ਬੇ ਲੋੜਾ ਖਰਚਾ।
ਪਰ ਫੈਸ਼ਨ ਨੇ ਦੁਨੀਆਂ ਪੱਟੀ,
ਹੁਣ ਨਾ ਕੋਈ ਲਿਖਦਾ ਫੱਟੀ।
ਯਾਦ ਬਾਜਵਾ ਵੇਲਾ ਕਰੀਏ,
ਹੰਝੂ ਅੱਖਾਂ ਅੰਦਰ ਭਰੀਏ।
ਪਰ ਨਾ ਲੰਘਿਆ ਵੇਲਾ ਆਵੇ,
ਆ ਆ ਚੇਤੇ ਬੜਾ ਸਤਾਵੇ।
ਟਟੀਹਰੀ
ਲੰਮੀਆਂ ਲੰਮੀਆਂ ਲੱਤਾਂ ਵਾਲੀ।
ਕਿਤਿਓਂ ਚਿੱਟੀ ਕਿਤਿਓਂ ਕਾਲੀ।
ਭੂਰੇ ਭੂਰੇ ਖੰਭ ਸਵਾਰ,
ਅੱਖੀਂ ਪਾ ਕਜਲੇ ਦੀ ਧਾਰ।
ਅੱਗੇ ਪਿੱਛੇ ਧੌਣ ਹਿਲਾਵੇ,
ਨਾਲ ਮਟਕ ਦੇ ਤੁਰਦੀ ਜਾਵੇ।
ਟਰਰ ਟਰਰ ਟਰ ਰੱਖੇ ਲਾਈ,
ਉੱਚੀ ਜਾਵੇ ਰੌਲਾ ਪਾਈ।
ਇਸ ਦੀ ਬਾਤ ਖਾਸ ਹੈ ਰਹਿੰਦੀ,
ਇਹ ਕਦੇ ਰੁੱਖ 'ਤੇ ਨਾ ਬਹਿੰਦੀ।
ਆਂਡੇ ਦੇਵੇ ਰੜੇ ਮੈਦਾਨ,
ਜਾਂ ਖੇਤ ਦੀ ਵੱਟ ਤੇ ਮਾਨ।
ਪੰਛੀ ਪਸ਼ੂ ਸ਼ਿਕਾਰੀ ਕੋਈ,,
ਨੇੜੇ ਆਵੇ ਲਾ ਕੇ ਟੋਹੀ।
ਦੋਵੇਂ ਰਲ ਕੇ ਕਰਨ ਬਚਾਅ,
ਦੇਣ ਸ਼ਿਕਾਰੀ ਨੂੰ ਉਲਝਾ।
ਇੱਕ ਰੱਖੇ ਬੱਚਿਆਂ ਦਾ ਧਿਆਨ,
ਦੂਜੀ ਉਡੇ ਵਿੱਚ ਅਸਮਾਨ।
ਜੋਰ ਜੋਰ ਦੀ ਰੌਲਾ ਪਾਉਂਦੀ,
ਉੱਡਦੀ ਵਿੱਚ ਅਸਮਾਨੇ ਭਾਉਂਦੀ।
ਉਪਰੋਂ ਆ ਕੇ ਠੂੰਗੇ ਮਾਰੇ,
ਝੱਟ ਸ਼ਿਕਾਰੀ ਨੂੰ ਸ਼ਿਸ਼ਕਾਰੇ।
ਫਿਰ ਵੀ ਧਰਤੀ 'ਤੇ ਹਰ ਹਾਲ,
ਕਰਨੀ ਪੈਂਦੀ ਕਠਿਨ ਸੰਭਾਲ।
ਹੁਣ ਇਹ ਵੀ ਕੁਝ ਹੋਈ ਸਿਆਣੀ,
ਕੀਤੀ ਸੋਚ ਸਮੇਂ ਦੀ ਹਾਣੀ।
ਵੇਖ ਸੁਰਖਿਅਤ ਛੱਤ ਉਸ ਰੁੱਤੇ,
ਆਂਡੇ ਦੇਵੇ ਉਸ ਦੇ ਉਤੇ ।
ਨਾਲ ਸਮੇਂ ਦੇ ਬਦਲੇ ਜਿਹੜਾ,
ਉਸ ਦੀ ਹੋਂਦ ਮਿਟਾਏ ਕਿਹੜਾ।
ਬੱਚਿਓ ਇਸ ਤੋਂ ਸਿੱਖਿਆ ਪਾਓ,
ਸਮਾਂ ਵੇਖ ਆਦਤ ਬਦਲਾਓ।
ਜੋ ਵੀ ਐਸਾ ਗੁਣ ਅਪਣਾਏ,
ਓਹੋ ਖੁਸ਼ੀਆਂ ਸਦਾ ਹੰਡਾਏ।
ਬਾਜਵਿਆ ਜੋ ਵਕਤ ਪਛਾਣੇ,
ਉਹ ਜੀਵਨ ਵਿੱਚ ਖੁਸ਼ੀਆਂ ਮਾਣੇ ।
Photo credit-pixabay
ਚਿੜੀ
ਨਿੱਕੀ ਜਿਹੀ ਪਿਆਰੀ ਚਿੜੀ।
ਹੈ ਇਹ ਬਹੁਤ ਨਿਆਰੀ ਚਿੜੀ।
ਛੱਤਾਂ ਵਿੱਚ ਆਹਲਣੇ ਪਾਉਂਦੀ,
ਬੈਠ ਬਨੇਰੇ ਚੀਂ ਚੀਂ ਗਾਉਂਦੀ।
ਚਿੜੀ ਘਰੇਲੂ ਤਾਹੀਓਂ ਕਹਿੰਦੇ,
ਚਿੜਾ ਚਿੜੀ ਰਲ ਦੋਵੇਂ ਰਹਿੰਦੇ।
ਤੜਕੇ ਚੂਹਕੇ ਰੌਲਾ ਪਾਵੇ,
ਅੰਮ੍ਰਿਤ ਵੇਲਾ ਯਾਦ ਕਰਾਵੇ।
ਚੋਗਾ ਚੁਗਦੀ ਅੰਦਰ ਵਿਹੜੇ,
ਮਾਰ ਟਪੂਸੀ ਲਾਵੇ ਗੇੜੇ।
ਉੱਡਦੀ ਬਣ ਚਿੜੀਆਂ ਦਾ ਚੰਬਾ,
ਲੱਗਦਾ ਓਦੋਂ ਬੜਾ ਅਚੰਭਾ।
ਨਿੱਕੀ ਕਾਇਆ ਤੇਜ ਉਡਾਰੀ,
ਵਿੱਚ ਹਵਾਵਾਂ ਲਾਵੇ ਤਾਰੀ।
ਸਿੱਟਿਆਂ ਵਿੱਚੋਂ ਦਾਣੇ ਖਾਵੇ,
ਤਾੜੀ ਮਾਰ ਕਿਸਾਨ ਉਡਾਵੇ।
ਸੁੰਡੀ ਤੇਲਾ ਵੀ ਖਾ ਜਾਵੇ,
ਇਸ ਕਰਕੇ ਇਹ ਮਨ ਨੂੰ ਭਾਵੇ।
ਐਪਰ ਨਵਾਂ ਜ਼ਮਾਨਾ ਆਇਆ,
ਘਰ 'ਚ ਰੋਸ਼ਨਦਾਨ ਨਾ
ਲਾਇਆ।
ਬੰਦ ਕੀਤਾ ਚਿੜੀਆਂ ਦਾ ਔਣਾ,
ਬੈਠ ਬਨੇਰੇ ਹੁਣ ਕੀ ਗਾਉਣਾ।
ਅੰਧਾ ਧੁੰਦ ਛਿੜਕ ਕੇ ਜ਼ਹਿਰ,
ਬੰਦਾ ਰੋਜ ਕਮਾਵੇ ਕਹਿਰ।
ਏਸ ਲਈ ਇਹ ਘਟਦੀ ਜਾਵੇ,
ਕਿਤੇ ਕਿਤੇ ਹੀ ਨਜ਼ਰੀਂ ਆਵੇ।
ਆਓ ਸਭ ਨੂੰ ਇਹ ਸਮਝਾਈਏ,
ਬਹੁਤ ਪਿਆਰੀ ਚਿੜੀ ਬਚਾਈਏ।
ਆਲ੍ਹਣਿਆਂ ਲਈ ਥਾਂ ਬਣਾ ਕੇ,
ਦਾਣਾ ਪਾਣੀ ਕੋਲ ਟਿਕਾ ਕੇ।
ਚਿੜੀਆਂ ਦਾ ਸੁਣੀਏਂ ਸੰਗੀਤ,
ਮੋੜ ਲਿਆਈਏ ਫੇਰ ਅਤੀਤ।
ਬਹਿਣ ਬਨੇਰੇ ਚਿੜੀਆਂ ਕਾਂ,
ਲੈਣ ਬਾਜਵਾ ਰੱਬ ਦਾ ਨਾਂ।
ਸੰਪਰਕ –
ਲਖਵਿੰਦਰ ਸਿੰਘ ਬਾਜਵਾ |
ਪਿੰਡ ਤੇ ਡਾਕਖਾਨਾ ਜਗਜੀਤ ਨਗਰ (ਹਰੀਪੁਰਾ)
ਸਰਸਾ ,ਹਰਿਆਣਾ
ਪਿਨਕੋਡ -125075
ਮੋਬਾਈਲ -9416734506
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.